Punjab Headline
News Portal

ਔਰਤਾਂ ਲਈ ਜਾਨਲੇਵਾ ਹੋ ਸਕਦੀ ਹੈ 11 ਘੰਟੇ ਤੋਂ ਵੱਧ ਸੀਟਿੰਗ, ਇਨ੍ਹਾਂ ਟਿਪਸ ਨਾਲ ਰੱਖੋ ਖ਼ੁਦ ਨੂੰ ਐਕਟਿਵ

ਨਵੀਂ ਦਿੱਲੀ : ਸਿਹਤਮੰਦ ਰਹਿਣ ਲਈ ਸਰੀਰਕ ਗਤੀਵਿਧੀਆਂ ਕਰਨਾ ਬਹੁਤ ਜ਼ਰੂਰੀ ਹੈ। ਫਿਜ਼ੀਕਲੀ ਐਕਟਿਵ ਰਹਿਣ ਨਾਲ ਕਈ ਸਿਹਤ ਸੰਬੰਧੀ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ, ਪਰ ਟੈਕਨਾਲੋਜੀ ਦੇ ਵਿਕਾਸ ਅਤੇ ਜੀਵਨਸ਼ੈਲੀ ‘ਚ ਬਦਲਾਅ ਕਾਰਨ ਬਹੁਤ ਸਾਰੇ ਲੋਕ ਸੈਡੈਂਟਰੀ ਲਾਈਫਸਟਾਈਲ ਨੂੰ ਅਪਣਾਉਣ ਲੱਗ ਪਏ ਹਨ। ਸੈਡੈਂਟਰੀ ਲਾਈਫਸਟਾਈਲ ਦਾ ਅਰਥ ਹੈ ਅਜਿਹੀ ਜੀਵਨਸ਼ੈਲੀ ਜਿਸ ਵਿਚ ਵਿਅਕਤੀ ਵੱਧ ਤੋਂ ਵੱਧ ਸਮਾਂ ਬੈਠ ਕੇ ਬਿਤਾਉਂਦਾ ਹੈ ਤੇ ਫਿਜ਼ੀਕਲ ਐਕਟੀਵਿਟੀ ਬੱਸ ਨਾਮਾਤਰ ਰਹਿ ਜਾਂਦੀ ਹੈ।

ਹਾਲ ਹੀ ‘ਚ ਇਕ ਅਧਿਐਨ ‘ਚ ਔਰਤਾਂ ਦੀ ਸਿਹਤ ‘ਤੇ ਸੈਡੈਂਟਰੀ ਲਾਈਫਸਟਾਈਲ ਦੇ ਮਾੜੇ ਪ੍ਰਭਾਵਾਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਜਰਨਲ ਆਫ ਅਮੈਰੀਕਨ ਹਾਰਟ ਐਸੋਸੀਏਸ਼ਨ (JAHA) ‘ਚ ਪ੍ਰਕਾਸ਼ਿਤ ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੋ ਔਰਤਾਂ ਦਿਨ ਵਿਚ 11 ਘੰਟੇ ਤੋਂ ਜ਼ਿਆਦਾ ਸਮਾਂ ਬੈਠ ਕੇ ਬਿਤਾਉਂਦੀਆਂ ਹਨ, ਉਨ੍ਹਾਂ ਵਿਚ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਕਾਫੀ ਹੱਦ ਤਕ ਵਧ ਜਾਂਦਾ ਹੈ।

ਇਸ ਅਧਿਐਨ ਲਈ 5000 ਔਰਤਾਂ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਸੀ, ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਔਰਤਾਂ ਤੋਂ ਉਨ੍ਹਾਂ ਦੀ ਸਿਹਤ ਤੇ ਲਾਈਫਸਟਾਈਲ ਨਾਲ ਜੁੜੇ ਸਵਾਲਾਂ ‘ਤੇ 8 ਸਾਲ ਤਕ ਫਾਲੋਅੱਪ ਲਏ ਗਏ। ਇਸ ਅਧਿਐਨ ‘ਚ ਪਾਇਆ ਗਿਆ ਕਿ 11 ਘੰਟੇ ਤੋਂ ਜ਼ਿਆਦਾ ਸਮੇਂ ਤਕ ਬੈਠਣ ਵਾਲੀਆਂ ਔਰਤਾਂ ‘ਚ ਕਾਰਡੀਓਵੈਸਕੁਲਰ ਰੋਗ ਦਾ ਖਤਰਾ ਵਧ ਜਾਂਦਾ ਹੈ। ਇਸ ਕਾਰਨ ਦਿਲ ਦੇ ਦੌਰੇ ਤੇ ਸਟ੍ਰੋਕ ਕਾਰਨ ਮੌਤ ਦਾ ਖਤਰਾ ਵਧ ਜਾਂਦਾ ਹੈ।

ਦਰਅਸਲ, ਲੰਬੇ ਸਮੇਂ ਤਕ ਬੈਠਣ ਨਾਲ ਖੂਨ ਦਾ ਸੰਚਾਰ ਹੌਲੀ ਹੋ ਜਾਂਦਾ ਹੈ ਤੇ ਮੈਟਾਬੌਲਿਕ ਰੇਟ ਵੀ ਘੱਟ ਜਾਂਦਾ ਹੈ। ਇਨ੍ਹਾਂ ਕਾਰਨਾਂ ਦਾ ਦਿਲ ‘ਤੇ ਮਾੜਾ ਅਸਰ ਪੈਂਦਾ ਹੈ, ਜੋ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਸੈਡੈਂਟਰੀ ਲਾਈਫਸਟਾਈਲ ਕਾਰਨ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਮੋਟਾਪੇ ਵਰਗੀਆਂ ਕਈ ਮੈਟਾਬੌਲਿਕ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਜੋ ਭਵਿੱਖ ਵਿੱਚ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਤੋਂ ਇਲਾਵਾ ਸੈਡੈਂਟਰੀ ਲਾਈਫਸਟਾਈਲ ਕਾਰਨ ਮਾਨਸਿਕ ਸਿਹਤ ‘ਤੇ ਵੀ ਕਈ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਪਹਿਲਾਂ ਹੋਏ ਇਕ ਅਧਿਐਨ ‘ਚ ਇਹ ਪਾਇਆ ਗਿਆ ਸੀ ਕਿ ਲੰਬੇ ਸਮੇਂ ਤਕ ਬੈਠਣ ਨਾਲ ਡਿਮੈਂਸ਼ੀਆ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਐਕਟਿਵ ਰਹਿਣਾ ਬਹੁਤ ਜ਼ਰੂਰੀ ਹੈ।

ਇਸ ਸਟੱਡੀ ‘ਚ ਇਕ ਹੋਰ ਗੱਲ ਧਿਆਨ ਦੇਣ ਯੋਗ ਹੈ ਕਿ ਇਸ ਅਧਿਐਨ ਮੁਤਾਬਕ ਇਹ ਵੀ ਪਾਇਆ ਗਿਆ ਕਿ ਜੇਕਰ ਤੁਸੀਂ ਕਸਰਤ ਕਰਨ ਤੋਂ ਬਾਅਦ ਵੀ ਜ਼ਿਆਦਾ ਦੇਰ ਤਕ ਬੈਠਦੇ ਹੋ ਤਾਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਕੰਮ ਦੌਰਾਨ ਐਕਟਿਵ ਰਹਿਣ ਲਈ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖ ਸਕਦੇ ਹੋ-

  • ਕੰਮ ਦੌਰਾਨ ਹਰ ਅੱਧੇ ਜਾਂ ਇੱਕ ਘੰਟੇ ਲਈ ਥੋੜ੍ਹੀ ਦੇਰ ਲਈ ਸੈਰ ਕਰੋ ਜਾਂ ਖੜ੍ਹੇ ਹੋ ਕੇ ਕੰਮ ਕਰੋ।
  • ਲਿਫਟ ਜਾਂ ਐਲੀਵੇਟਰ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
  • ਰੋਜ਼ਾਨਾ 30 ਮਿੰਟ ਕਸਰਤ ਕਰੋ।
  • ਫ਼ੋਨ ‘ਤੇ ਗੱਲ ਕਰਦੇ ਸਮੇਂ ਤੁਸੀਂ ਵਾਕ ਕਰ ਸਕਦੇ ਹੋ।
  • ਜ਼ੂਮ ਮੀਟਿੰਗ ‘ਚ ਸ਼ਾਮਲ ਹੋਣ ਵੇਲੇ ਤੁਸੀਂ ਵਾਕ ਕਰ ਸਕਦੇ ਹੋ।
  • ਜੇ ਸੰਭਵ ਹੋਵੇ ਤਾਂ ਤੁਸੀਂ ਕੁਝ ਸਮੇਂ ਲਈ ਖੜ੍ਹੇ ਹੋ ਕੇ ਡੈਸਕ ‘ਤੇ ਕੰਮ ਕਰ ਸਕਦੇ ਹੋ।
Leave A Reply

Your email address will not be published.