Punjab Headline
News Portal

ਕਾਂਗਰਸ ਸਿੱਖ ਵਿਰੋਧੀ, 1984 ਵਾਲਾ ਜ਼ੁਲਮ ਸਿੱਖ ਕਦੇ ਨਹੀਂ ਭੁਲਣਗੇ : ਪੀਯੂਸ਼ ਗੋਇਲ

ਬਰਨਾਲਾ : ਕੇਂਦਰੀ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬਰਨਾਲਾ ’ਚ ਜਨ ਸਭਾ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਦਾ 1984 ਵਾਲਾ ਜ਼ੁਲਮ ਸਿੱਖ ਕਦੇ ਨਹੀਂ ਭੁਲਣਗੇ। ਕਾਂਗਰਸ ਪਾਰਟੀ ਨੇ 1984 ’ਚ ਦੰਗਾ ਕਰਨ ਤੇ ਖੂਨ ਰੰਗਣ ਵਾਲੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਜੇਲ੍ਹ ਭੇਜਣ ਦੀ ਬਜਾਏ ਆਪਣੀ ਸਰਕਾਰ ’ਚ ਮੰਤਰੀ ਬਣਾ ਕੇ ਨਿਵਾਜਿਆ। ਸਿੱਖਾਂ ਦੇ ਇਸ ਦਰਦ ਨੂੰ ਭਾਜਪਾ ਸਰਕਾਰ ਤੇ ਦੇਸ਼ ਦੇ ਨਿਧੜਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਟ ਬਣਾ ਕੇ ਜਾਂਚ ਕਰਵਾ ਕੇ ਸਿੱਖਾਂ ਨੂੰ ਇਨਸਾਫ਼ ਦਿਵਾਇਆ ਹੈ। ਪੰਜਾਬ ’ਚ ਨਸ਼ੇ ਨੂੰ ਖ਼ਤਮ ਕਰਨ ’ਚ ਜਿੱਥੇ ਕਾਂਗਰਸ ਸਰਕਾਰ ਫੇਲ੍ਹ ਸਾਬਤ ਹੋਈ ਹੈ, ਉੱਥੇ ਹੀ ਹੋਈਆਂ ਬੇਅਦਬੀਆਂ ’ਤੇ ਵੀ ਕੋਈ ਉਹ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕੀ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜਿੱਥੇ ਗੁਰੂ ਘਰਾਂ ਦੇ ਲੰਗਰ ਲਈ ਖਰੀਦੇ ਸਮਾਨ ਨੂੰ ਜੀਐੱਸਟੀ ਮੁਕਤ ਕੀਤਾ, ਉੱਥੇ ਹੀ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੈਯੰਤੀ ਮਨਾਈ ਤੇ ਸ਼੍ਰੀ ਕਰਤਾਰਪੁਰ ਲਾਂਘਾ ਖੋਲ੍ਹਦਿਆਂ ਉੱਥੇ ਹੋਰ ਵੀ ਬਹੁ-ਤਕਨੀਕੀ ਸਹੂਲਤਾਂ ਦਿੱਤੀਆਂ।

ਅਫ਼ਗਾਨਿਸਤਾਨ ’ਚ ਮਾਹੌਲ ਵਿਗੜਣ ’ਤੇ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬ ਲਿਆਂਦੇ ਗਏ। ਸੁਲਤਾਨਪੁਰ ਲੋਧੀ ਦੇ ਵਿਕਾਸ ਸਣੇ ਜੱਲ੍ਹਿਆਂਵਾਲੇ ਬਾਗ ’ਚ ਸ਼ਹੀਦਾਂ ਦੀ ਯਾਦ ’ਚ ਮੈਮੋਰੀਅਲ ਵੀ ਮੋਦੀ ਸਰਕਾਰ ਵੱਲੋਂ ਬਣਾਇਆ ਗਿਆ। ਕਰੀਬ 8 ਸਾਲ ਕੇਂਦਰ ’ਚ ਭਾਜਪਾ ਦੀ ਸਰਕਾਰ ਚਲਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਹੱਕ ਦੇ ਹਾਮੀ ਬਣ ਵਿਸ਼ਵ ’ਚੋਂ ਪਹਿਲੇ ਨੰਬਰ ’ਤੇ ਹਨ। ਉਨ੍ਹਾਂ ਮੰਚ ਤੋਂ ਭਰੇ ਮਨ ਨਾਲ ਕਿਹਾ ਕਿ ਅੱਜ ਤਿੰਨ ਸਾਲ ਹੋ ਗਏ ਹਨ ਪੁਲਵਾਮਾ ਦੀ ਘਟਨਾ ਨੂੰ, ਜਿਸ ’ਚ ਸਾਡੇ ਦੇਸ਼ ਦੇ 40 ਫ਼ੌਜੀ ਜਵਾਨ ਸ਼ਹੀਦ ਹੋਏ ਸਨ। ਨਰਿੰਦਰ ਮੋਦੀ ਦੀ ਸਰਕਾਰ ’ਚ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ’ਤੇ ਹਮਲਾ ਕਰਨ ਵਾਲਿਆਂ ਨੂੰ ਪਾਕਿਸਤਾਨ ਦੀ ਧਰਤੀ ’ਤੇ ਜਾ ਕੇ ਸਬਕ ਸਿਖਾਇਆ ਕਿ ਉਹ ਹਿੰਦੂਸਤਾਨ ਦੀ ਸੁਰੱਖਿਆ ਲਈ ਕਿੰਨੇ ਮਜ਼ਬੂਤ ਪ੍ਰਧਾਨ ਮੰਤਰੀ ਹਨ।

ਦੂਜੇ ਪਾਸੇ ਉਨ੍ਹਾਂ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸਿੱਧੂ ਦੀ ਪਾਕਿਸਤਾਨ ਦੇ ਜਨਰਲ ਨਾਲ ਪਾਈ ਜੱਫੀ ਹਿੰਦੂਸਤਾਨ ਦੇ ਗੱਦਾਰ ਦਾ ਸਬੂਤ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਹੀਂ ਕਰ ਸਕਦਾ, ਉਹ ਪੰਜਾਬ ਦੇ ਲੋਕਾਂ ਦੀ ਰਾਖੀ ਕੀ ਕਰੇਗਾ? ਆਮ ਆਦਮੀ ਪਾਰਟੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀ ਲੈਂਦਿਆਂ ਪੀਯੂਸ਼ ਗੋਇਲ ਨੇ ਕਿਹਾ ਕਿ ਕੇਜਰੀਵਾਲ ਸਿਰਫ਼ ਇਸ਼ਤਿਹਾਰਬਾਜ਼ੀ ਕਰਕੇ ਝੂਠੇ ਵਾਅਦੇ ਕਰਦੇ ਹਨ ਤੇ ਭਗਵੰਤ ਮਾਨ ਦੀ ਸ਼ਰਾਬ ਤੋਂ ਤੰਗ ਲੋਕ ਸਭਾ ਮੈਂਬਰ ਉਨ੍ਹਾਂ ਨਾਲ ਬੈਠਣ ਤੋਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਦਿੱਲੀ ’ਚ ਕੋਈ ਵਾਅਦਾ ਨਹੀਂ ਪੂਰਾ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਲਈ ਜਿੱਥੇ ਵੱਡੀ ਚੂਣੌਤੀ ਵਿਕਾਸ ਲਿਆਉਣਾ ਤੇ ਲੋਕਾਂ ਦੀ ਸੁਰੱਖਿਆ ਸਣੇ ਮਾਫ਼ੀਆ ਤੋਂ ਮੁਕਤੀ, ਨਸ਼ੇ ਦਾ ਖ਼ਾਤਮਾ ਤੇ ਹਰ ਨੌਜਵਾਨ ਨੂੰ ਰੁਜ਼ਗਾਰ ਦੇਣਾ ਹੈ ਜਿਸ ਲਈ ਭਾਜਪਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਸਰਕਾਰ ਭਾਜਪਾ ਦੀ ਹੈ। ਪੰਜਾਬ ’ਚ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਕੇ ਭਾਜਪਾ ਦੀ ਸਰਕਾਰ ਬਣਾਓ ਤਾਂ ਜੋ ਸੂਬਾ ਤੇ ਕੇਂਦਰ ਦੋਵੇਂ ਸਰਕਾਰਾਂ ਰਲ ਕੇ ਪੰਜਾਬ ਲਈ ਇਹ ਸਾਰੇ ਮਸਲੇ ਹੱਲ ਕਰਨ ਲਈ ਡਬਲ ਇੰਜਣ ਵਾਲੀ ਸਰਕਾਰ ਬਣੇ।

ਇਸ ਮੌਕੇ ਗੁਰਮੀਤ ਸਿੰਘ ਹੰਡਿਆਇਆ, ਯਾਦਵਿੰਦਰ ਸਿੰਘ, ਦਰਸ਼ਨ ਸਿੰਘ ਨੈਣੇਵਾਲੀਆ, ਸੁਖਵੰਤ ਸਿੰਘ, ਗੁਰਦਰਸ਼ਨ ਸਿੰਘ ਬਰਾੜ, ਰਮਿੰਦਰ ਸਿੰਘ ਰੰਮੀ ਢਿੱਲੋਂ, ਗੁਰਵਿੰਦਰ ਸਿੰਘ ਗਿੰਦੀ, ਮਨੂੰ ਜਿੰਦਲ, ਧੀਰਜ ਕੁਮਾਰ ਦੱਧਾਹੂਰ, ਹਰਿੰਦਰ ਸਿੱਧੂ ਸਣੇ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

Leave A Reply

Your email address will not be published.